ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਥੋੜੀ ਦੇਰ ਵਿੱਚ ਹੋ ਸਕਦਾ ਹੈ ਇਤਿਹਾਸਕ ਫ਼ੈਸਲਾ, ਮੁਖਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਬਣੀ ਚਰਚਾ ਦਾ ਕੇਂਦਰ
ਪੰਜ ਸਿੰਘ ਸਾਹਿਬਾਨਾਂ ਦੀ ਫੈਸਲੇ ਨੂੰ ਲੈਕੇ ਬੈਠਕ ਸ਼ੁਰੂ

ਅੰਮ੍ਰਿਤਸਰ, 15 ਜੂਨ – ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਅੱਜ ਹੋਈ ਵਿਸ਼ਾਲ ਪੰਥਕ ਇਕੱਤਰਤਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਇੱਕ ਵਾਇਰਲ ਵੀਡੀਓ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣੀ ਰਹੀ। ਇਕੱਤਰਤਾ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ, ਟਕਸਾਲਾਂ, ਫੈਡਰੇਸ਼ਨਾਂ ਅਤੇ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇਕੱਤਰਤਾ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਸੰਬੰਧਤ ਵੀਡੀਓ ਦੀ ਜਾਂਚ ਦੇਸ਼ ਦੀਆਂ ਨਾਮੀ ਫੋਰੈਂਸਿਕ ਲੈਬਾਂ ਵੱਲੋਂ ਕੀਤੀ ਗਈ ਹੈ ਅਤੇ ਜਾਂਚ ਰਿਪੋਰਟਾਂ ਵਿੱਚ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਕੱਟ-ਛਾਂਟ ਜਾਂ ਜੋੜ-ਤੋੜ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟਾਂ ਦੇ ਆਧਾਰ ’ਤੇ ਇਹ ਮਤ ਪ੍ਰਗਟ ਕੀਤਾ ਗਿਆ ਕਿ ਵੀਡੀਓ ਅਸਲੀ ਹੈ ਅਤੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਦੋਸ਼ ਲਗਾਏ ਗਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਥਕ ਸੰਸਥਾਵਾਂ ਕਿਸੇ ਵੀ ਦਬਾਅ ਜਾਂ ਡਰ ਹੇਠ ਨਹੀਂ ਆਉਣਗੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਮਾਮਲਿਆਂ ’ਤੇ ਲੋੜੀਂਦੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਥ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ “ਨਿਰਭਉ ਤੇ ਨਿਰਵੈਰ” ਦੀ ਭਾਵਨਾ ਨਾਲ ਅੱਗੇ ਵੱਧਦਾ ਹੈ ਅਤੇ ਸੱਚ ਦੇ ਆਧਾਰ ’ਤੇ ਆਪਣਾ ਫ਼ਰਜ਼ ਨਿਭਾਉਂਦਾ ਰਹੇਗਾ।
ਮੀਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਮਾਮਲਿਆਂ, ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਅਤੇ ਹੋਰ ਪੰਥਕ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੱਖ ਬੰਦੀਆਂ ਨਾਲ ਸਬੰਧਿਤ ਮਸਲੇ ਵੀ ਚਰਚਾ ਦਾ ਹਿੱਸਾ ਰਹੇ।
ਇਸ ਵੇਲੇ ਪੰਜ ਸਿੰਘ ਸਾਹਿਬਾਨ ਦੀ ਇੱਕ ਅਹਿਮ ਮੀਟਿੰਗ ਜਾਰੀ ਹੈ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ , ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਹੋਰ ਪੰਥਕ ਆਗੂ ਸ਼ਾਮਲ ਹਨ।
ਪੰਥਕ ਹਲਕਿਆਂ ਵਿੱਚ ਚਰਚਾ ਹੈ ਕਿ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਣ ਵਾਲੇ ਇਸ ਫ਼ੈਸਲੇ ’ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਪੰਥਕ ਵਰਗਾਂ ਦੀ ਨਜ਼ਰ ਟਿਕੀ ਹੋਈ ਹੈ।




