ਪ੍ਰੋ. ਸੁਖਬੀਰ ਕੌਰ ਅੰਤਰਰਾਸ਼ਟਰੀ ਪ੍ਰਕਾਸ਼ਨ ਸੰਸਥਾ ਸਪ੍ਰਿੰਗਰ ਨੇਚਰ ਵੱਲੋਂ “ਐਡੀਟਰ ਆਫ਼ ਡਿਸਟਿੰਕਸ਼ਨ (ਐਡੀਟੋਰੀਅਲ ਕੰਟ੍ਰੀਬਿਊਸ਼ਨ) ਐਵਾਰਡ” ਨਾਲ ਸਨਮਾਨਿਤ
ਪੰਜਾਬ ਯੂਨੀਰਸਿਟੀ ਦੇ ਖੇਤਰ ਵਿਚ ਵੱਡਾ ਨਾਮ ਹੈ ਪ੍ਰੋਫੈਸਰ ਸੁਖਬੀਰ ਕੌਰ ਦਾ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਜ਼ੂਆਲੋਜੀ ਵਿਭਾਗ ਦੀ ਪ੍ਰੋ. ਸੁਖਬੀਰ ਕੌਰ ਨੂੰ ਅੰਤਰਰਾਸ਼ਟਰੀ ਪ੍ਰਕਾਸ਼ਨ ਸੰਸਥਾ ਸਪ੍ਰਿੰਗਰ ਨੇਚਰ ਵੱਲੋਂ “ਐਡੀਟਰ ਆਫ਼ ਡਿਸਟਿੰਕਸ਼ਨ (ਐਡੀਟੋਰੀਅਲ ਕੰਟ੍ਰੀਬਿਊਸ਼ਨ) ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਜਰਨਲ ਆਫ਼ ਪੈਰਾਸਾਈਟਿਕ ਡਿਜ਼ੀਜ਼ ਦੀ ਸੰਪਾਦਕ ਵਜੋਂ ਵਿਗਿਆਨਕ ਖੋਜ ਪ੍ਰਕਾਸ਼ਨ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ।
ਸਪ੍ਰਿੰਗਰ ਨੇਚਰ ਨੇ ਇਹ ਐਵਾਰਡ ਖੋਜ-ਪੱਤਰਾਂ ਦੇ ਬਾਰੀਕੀ ਨਾਲ ਮੁਲਾਂਕਣ, ਪੀਅਰ-ਰਿਵਿਊ ਪ੍ਰਕਿਰਿਆ ਦੇ ਸਖ਼ਤ ਅਤੇ ਨਿਰਪੱਖ ਪ੍ਰਬੰਧਨ ਅਤੇ ਪ੍ਰਕਾਸ਼ਿਤ ਵਿਗਿਆਨਕ ਖੋਜ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤਾ ਹੈ।
ਪ੍ਰੋ. ਸੁਖਬੀਰ ਕੌਰ ਨੂੰ ਭੇਜੇ ਗਏ ਸੰਦੇਸ਼ ਵਿੱਚ ਸਪ੍ਰਿੰਗਰ ਨੇਚਰ ਨੇ ਕਿਹਾ ਕਿ, “ਸਾਨੂੰ ਆਪਣੇ ਉਨ੍ਹਾਂ ਸ਼ਾਨਦਾਰ ਸੰਪਾਦਕਾਂ ਦਾ ਸਨਮਾਨ ਕਰਨ ’ਤੇ ਮਾਣ ਹੈ, ਜਿਨ੍ਹਾਂ ਨੇ ਆਪਣੇ ਜਰਨਲਾਂ ਅਤੇ ਖੋਜ ਭਾਈਚਾਰੇ ਲਈ ਅਸਾਧਾਰਣ ਸਮਰਪਣ ਦਿਖਾਇਆ ਹੈ। ਲੇਖਕਾਂ ਅਤੇ ਸਮੀਖਿਆਕਾਰਾਂ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨ, ਖੋਜ-ਪੱਤਰਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ ਵਿੱਚ ਸੰਪਾਦਕੀ ਟੀਮਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਇਹ ਐਵਾਰਡ ਵਿਗਿਆਨਕ ਪ੍ਰਕਾਸ਼ਨ ਦੇ ਖੇਤਰ ਵਿੱਚ ਸੰਪਾਦਕੀ ਉਤਕ੍ਰਿਸ਼ਟਤਾ ਲਈ ਦਿੱਤੇ ਜਾਣ ਵਾਲੇ ਵਿਰਲੇ ਅਤੇ ਮਾਣਯੋਗ ਅੰਤਰਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਪ੍ਰੋ. ਸੁਖਬੀਰ ਕੌਰ ਇੱਕ ਪ੍ਰਸਿੱਧ ਵਿਗਿਆਨੀ, ਖੋਜਕਾਰ ਅਤੇ ਅਧਿਆਪਕ ਹਨ, ਜਿਨ੍ਹਾਂ ਕੋਲ ਅਧਿਆਪਨ, ਖੋਜ ਅਤੇ ਪ੍ਰਸ਼ਾਸਨ ਦਾ ਲਗਭਗ ਤਿੰਨ ਦਹਾਕਿਆਂ ਦਾ ਤਜ਼ਰਬਾ ਹੈ। ਉਹ ਪੰਜਾਬ ਯੂਨੀਵਰਸਿਟੀ ਵਿੱਚ ਜ਼ੂਆਲੋਜੀ ਵਿਭਾਗ ਦੀ ਮੁਖੀ, ਹੋਸਟਲ ਵਾਰਡਨ, ਡੀਨ ਸਟੂਡੈਂਟਸ ਵੈਲਫੇਅਰ, ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀ ਮੈਂਬਰ ਰਹਿ ਚੁੱਕੀ ਹਨ। ਇਸ ਤੋਂ ਇਲਾਵਾ ਉਹ ਇੰਡੀਅਨ ਸੋਸਾਇਟੀ ਆਫ਼ ਪੈਰਾਸਾਈਟੋਲੋਜੀ ਦੀ ਪ੍ਰਧਾਨ ਵੀ ਰਹੀ ਹਨ ਅਤੇ DST-SERB, AYUSH, ICMR ਅਤੇ UGC ਵਰਗੀਆਂ ਰਾਸ਼ਟਰੀ ਸੰਸਥਾਵਾਂ ਵਿੱਚ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੀ ਹਨ।
ਸਪ੍ਰਿੰਗਰ ਨੇਚਰ ਵੱਲੋਂ ਮਿਲਿਆ ਇਹ ਸਨਮਾਨ ਪ੍ਰੋ. ਸੁਖਬੀਰ ਕੌਰ ਦੀ ਵਿਗਿਆਨਕ ਖੋਜ, ਸੰਪਾਦਕੀ ਉਤਕ੍ਰਿਸ਼ਟਤਾ ਅਤੇ ਅਕਾਦਮਿਕ ਲੀਡਰਸ਼ਿਪ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ। ਇਹ ਉਪਲਬਧੀ ਪੰਜਾਬ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਸਾਖ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਭਾਰਤੀ ਵਿਗਿਆਨਕ ਭਾਈਚਾਰੇ ਦੇ ਯੋਗਦਾਨ ਨੂੰ ਵੀ ਦਰਸਾਉਂਦੀ ਹੈ।
