
ਚੰਡੀਗੜ੍ਹ: 21ਅਗਸਤ
ਅੱਜ ਦੇ ਸਮੇਂ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਸਾਰੀਆਂ 13 ਸੀਟਾਂ ਦੇ ਅੰਕੜਿਆਂ ਦੀ ਪੂਰੀ ਪੜਚੋਲ ਤੋਂ ਬਾਅਦ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੁੰਦਾ ਤਾਂ ਪੰਜਾਬ ਦੀਆਂ ਘੱਟੋ-ਘੱਟ 7 ਲੋਕ ਸਭਾ ਸੀਟਾਂ ‘ਤੇ ਗਠਜੋੜ ਆਸਾਨੀ ਨਾਲ ਜਿੱਤ ਦਰਜ ਕਰ ਲੈਂਦਾ। ਇਸਦਾ ਸਿੱਧਾ ਕਾਰਨ ਇਹ ਹੈ ਕਿ ਇਨ੍ਹਾਂ 7 ਸੀਟਾਂ ‘ਤੇ ਜਿੱਤ-ਹਾਰ ਦਾ ਫਰਕ ਬਹੁਤ ਹੀ ਘੱਟ ਸੀ ਅਤੇ ਅਕਾਲੀ-ਭਾਜਪਾ ਦੇ ਵੋਟ ਜੋੜਨ ਨਾਲ ਨਤੀਜਾ ਪੂਰੀ ਤਰ੍ਹਾਂ ਬਦਲ ਜਾਂਦਾ।
ਇਹ ਉਹ 7 ਸੀਟਾਂ ਹਨ ਜਿੱਥੇ ਗਠਜੋੜ ਨੂੰ ਸਿੱਧਾ ਫਾਇਦਾ ਹੁੰਦਾ। ਫਿਰੋਜ਼ਪੁਰ ‘ਚ ਕਾਂਗਰਸ 2,66,626 ਵੋਟਾਂ ਨਾਲ ਜਿੱਤੀ ਜਦਕਿ ਅਕਾਲੀ 2,53,645 ਅਤੇ ਭਾਜਪਾ 2,55,097 ਵੋਟਾਂ ਲੈ ਕੇ ਕੁੱਲ 5,08,742 ‘ਤੇ ਪਹੁੰਚ ਜਾਂਦੀਆਂ। ਯਾਨੀ ਗਠਜੋੜ ਇੱਥੇ 2,42,116 ਵੋਟਾਂ ਨਾਲ ਜਿੱਤਦਾ ਅਤੇ ਇਸ ਲੋਕ ਸਭਾ ਦੀਆਂ 9 ‘ਚੋਂ 7 ਵਿਧਾਨਸਭਾ ਸੀਟਾਂ ‘ਤੇ ਵੀ ਅੱਗੇ ਰਹਿੰਦਾ। ਇਸੇ ਤਰ੍ਹਾਂ ਅੰਮ੍ਰਿਤਸਰ ‘ਚ ਕਾਂਗਰਸ 2,55,181 ਵੋਟਾਂ ਨਾਲ ਜਿੱਤੀ ਜਦਕਿ ਭਾਜਪਾ 2,07,205 ਅਤੇ ਅਕਾਲੀ 1,62,896 ਵੋਟਾਂ ਲੈ ਕੇ ਕੁੱਲ 3,70,101 ਬਣਦੀਆਂ। ਇੱਥੇ ਗਠਜੋੜ 1,14,920 ਵੋਟਾਂ ਨਾਲ ਜਿੱਤਦਾ। ਬਠਿੰਡਾ ‘ਚ ਅਕਾਲੀ 3,76,558 ਅਤੇ ਭਾਜਪਾ 1,10,762 ਵੋਟਾਂ ਲੈ ਕੇ 4,87,320 ‘ਤੇ ਪਹੁੰਚ ਜਾਂਦੀਆਂ ਜੋ ਵਿਰੋਧੀਆਂ ਤੋਂ 1 ਲੱਖ ਤੋਂ ਵੱਧ ਹੈ। ਗੁਰਦਾਸਪੁਰ ‘ਚ ਸਭ ਤੋਂ ਨਜ਼ਦੀਕੀ ਮੁਕਾਬਲਾ ਰਿਹਾ ਜਿੱਥੇ ਕਾਂਗਰਸ 3,64,043 ਵੋਟਾਂ ਨਾਲ ਜਿੱਤੀ ਜਦਕਿ ਭਾਜਪਾ 2,81,182 ਅਤੇ ਅਕਾਲੀ 85,000 ਵੋਟਾਂ ਲੈ ਕੇ 3,66,182 ਬਣਦੀਆਂ। ਯਾਨੀ ਗਠਜੋੜ ਸਿਰਫ 2,139 ਵੋਟਾਂ ਨਾਲ ਇਹ ਸੀਟ ਜਿੱਤਦਾ। ਸ਼੍ਰੀ ਆਨੰਦਪੁਰ ਸਾਹਿਬ ‘ਚ ਫਰਕ ਸਿਰਫ 8,703 ਅਤੇ ਹੁਸ਼ਿਆਰਪੁਰ ‘ਚ 12,076 ਵੋਟਾਂ ਦਾ ਸੀ। ਲੁਧਿਆਣਾ ‘ਚ ਵੀ ਤਿਕੋਣੀ ਮੁਕਾਬਲੇ ਕਾਰਨ ਗਠਜੋੜ ਪਿੱਛੇ ਰਹਿ ਗਿਆ ਪਰ ਵੋਟ ਜੋੜਨ ਨਾਲ ਇਹ ਸੀਟ ਵੀ ਮੁਕਾਬਲੇ ‘ਚ ਆ ਜਾਂਦੀ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ 7 ਲੋਕ ਸਭਾ ਸੀਟਾਂ ਦੀ ਜਿੱਤ ਦਾ ਮਤਲਬ ਸਿਰਫ ਲੋਕ ਸਭਾ ਨਹੀਂ ਹੈ। ਹਰ ਲੋਕ ਸਭਾ ਹਲਕੇ ‘ਚ ਔਸਤਨ 9 ਵਿਧਾਨਸਭਾ ਸੀਟਾਂ ਆਉਂਦੀਆਂ ਹਨ। ਇਸ ਹਿਸਾਬ ਨਾਲ 7×9 = 63 ਵਿਧਾਨਸਭਾ ਸੀਟਾਂ ‘ਤੇ ਸਿੱਧਾ ਅਸਰ ਪੈਂਦਾ। ਯਾਨੀ 2027 ਦੀ ਵਿਧਾਨਸਭਾ ਦੀ ਲੜਾਈ ਤੋਂ ਪਹਿਲਾਂ ਹੀ ਗਠਜੋੜ ਕੋਲ 63 ਸੀਟਾਂ ‘ਤੇ ਬੜਤ ਹੁੰਦੀ। ਇਹੀ ਕਾਰਨ ਹੈ ਕਿ 2024 ਦਾ ਇਹ ਹਿਸਾਬ 2027 ਦੀ ਲੜਾਈ ਨੂੰ ਪੂਰੀ ਤਰ੍ਹਾਂ ਦਿਲਚਸਪ ਮੋੜ ‘ਚ ਪਹੁੰਚਾ ਦੇਵੇਗਾ।
ਗਰਾਊਂਡ ‘ਤੇ ਵੀ ਹੁਣ 2024 ਦੇ ਮੁਕਾਬਲੇ ਸਥਿਤੀ ਬਦਲਦੀ ਦਿਖਾਈ ਦੇ ਰਹੀ ਹੈ। ਸੰਗਰੂਰ ‘ਚ ਕੱਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਅਕਾਲੀ ਦਲ ਦੇ ਵਰਕਰਾਂ ‘ਚ ਜੋ ਜੋਸ਼ ਦੇਖਣ ਨੂੰ ਮਿਲਿਆ ਉਹ ਪਿਛਲੇ ਦੋ ਸਾਲਾਂ ‘ਚ ਕਿਸੇ ਰੈਲੀ ‘ਚ ਨਹੀਂ ਸੀ ਦਿਖਿਆ। ਵਰਕਰਾਂ ਦੇ ਇਸੇ ਜੋਸ਼ ਨੂੰ ਵੇਖ ਕੇ ਹਰਸਿਮਰਤ ਕੌਰ ਬਾਦਲ ਨੇ ਗਠਜੋੜ ਦੇ ਸੰਕੇਤ ਦਿੱਤੇ। ਸੰਕੇਤ ਮਿਲਦੇ ਸਾਰ ਹੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਕਾਨਫਰੰਸ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੁਣਨ ਲਈ ਲੋਕ ਕਤਾਰ ਬੰਨ ਕੇ ਖੜੇ ਰਹੇ ਅਤੇ ਉਨ੍ਹਾਂ ਦੇ ਭਾਸ਼ਣ ‘ਤੇ ਕਿਲਕਾਰੀਆਂ ਮਾਰਦੇ ਰਹੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦਾ ਰੁਝਾਨ ਹੌਲੀ-ਹੌਲੀ ਮੁੜ ਅਕਾਲੀ ਦਲ ਵੱਲ ਵਧ ਰਿਹਾ ਹੈ।
ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ 2024 ‘ਚ ਕਾਂਗਰਸ ਨੂੰ ਵੀ ਅਕਾਲੀ ਦਲ ਅਤੇ ਭਾਜਪਾ ਦੇ ਅਲੱਗ-ਅਲੱਗ ਲੜਨ ਦਾ ਸਿੱਧਾ ਫਾਇਦਾ ਮਿਲਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਵਿਰੋਧੀ ਵੋਟ ਵੰਡੇ ਜਾਣ ਦਾ ਲਾਭ ਮਿਲਿਆ। ਹੁਣ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ 2027 ਦੀ ਚੋਣ ਵੀ ਇਹ ਅਲੱਗ-ਅਲੱਗ ਲੜਨ ਤਾਂ ਜੋ ਉਹ ਇਸਦਾ ਫਾਇਦਾ ਚੁੱਕ ਸਕਣ। ਇਹੀ ਕਾਰਨ ਹੈ ਕਿ ਕਈ ਪਾਰਟੀਆਂ ਪੰਜਾਬ ‘ਚ ਅਲੱਗ-ਅਲੱਗ ਅਕਾਲੀ ਦਲਾਂ ਨੂੰ ਆਕਸੀਜਨ ਦੇਣ ‘ਚ ਲੱਗੀਆਂ ਹੋਈਆਂ ਹਨ। ਪਰ ਗਰਾਊਂਡ ‘ਤੇ ਉਨ੍ਹਾਂ ਦੀ ਇਹ ਆਕਸੀਜਨ ਪਹੁੰਚਦੀ ਹੋਈ ਦਿਖਾਈ ਨਹੀਂ ਦੇ ਰਹੀ।
ਲੋਕਾਂ ਨੂੰ ਹੁਣ ਇਹ ਵੀ ਪਤਾ ਲੱਗ ਚੁੱਕਿਆ ਹੈ ਕਿ ਉਨ੍ਹਾਂ ਦੇ ਅਸਲ ਮੁੱਦੇ ਕੌਣ ਚੁੱਕ ਸਕਦਾ ਹੈ। ਇਸ ਸਮੇਂ ਪੰਜਾਬ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਡੀ ਏ ਅਤੇ ਬਕਾਏ ਨਹੀਂ ਮਿਲ ਰਹੇ। ਅਜਿਹੇ ‘ਚ ਸਵਾਲ ਇਹ ਹੈ ਕਿ ਪੰਜਾਬ ਨੂੰ ਸਿੱਧਾ ਪੈਸਾ ਕੌਣ ਦੇਵੇਗਾ। ਕਿਉਂਕਿ ਕੇਂਦਰ ‘ਚ ਜੇਕਰ ਸਰਕਾਰ ਭਾਜਪਾ ਦੀ ਹੈ ਤਾਂ ਪੰਜਾਬ ਨੂੰ ਸਿੱਧਾ ਵਿੱਤੀ ਮਦ ਅਤੇ ਫੰਡ ਪ੍ਰਾਪਤ ਹੋਣਗੇ ਜਿਸ ਨਾਲ ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਵੱਡਾ ਫਾਇਦਾ ਹੋਵੇਗਾ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਗਰਾਊਂਡ ‘ਤੇ ਵਧਦਾ ਜੋਸ਼ ਅਤੇ 2024 ਦੇ ਅੰਕੜੇ ਦੋਵੇਂ ਇਸ ਗੱਲ ਦੇ ਗਵਾਹ ਹਨ ਕਿ ਅਕਾਲੀ-ਭਾਜਪਾ ਗਠਜੋੜ ਹੀ ਪੰਜਾਬ ‘ਚ ਵਿਕਲਪ ਬਣ ਸਕਦਾ ਹੈ। ਜੇ ਗਠਜੋੜ ਹੋ ਗਿਆ ਤਾਂ 2024 ਦਾ ਇਹ ਹਿਸਾਬ 2027 ‘ਚ ਸਿੱਧਾ ਸੱਤਾ ‘ਚ ਬਦਲ ਜਾਵੇਗਾ ਅਤੇ ਪੰਜਾਬ ਦੀ ਸਿਆਸੀ ਲੜਾਈ ਪੂਰੀ ਤਰ੍ਹਾਂ ਨਵੇਂ ਮੋੜ ‘ਤੇ ਪਹੁੰਚ ਜਾਵੇਗੀ।



