ਭੁਪੇਸ਼ ਬਘੇਲ-ਚੰਨੀ ਦੀ ਕੱਲ ਚਾਹ ‘ਤੇ ਚਰਚਾ ਤੋਂ ਰਾਜਾ ਬੜਿੰਗ ਦੂਰ! “ਕਿਸੇ ਤਰ੍ਹਾਂ ਦਾ ਖਲਲ ਨਹੀਂ ਚਾਹੁੰਦੇ” – ਸੂਤਰ*
ਚਾਹ 'ਤੇ ਚਰਚਾ, ਪਰ ਬੜਿੰਗ ਗੈਰਹਾਜ਼ਰ! ਕਾਂਗਰਸ ਦੇ ਅੰਦਰ ਕੀ ਪਕ ਰਿਹਾ ਹੈ?`*

ਚੰਡੀਗੜ੍ਹ, 10 ਜੁਲਾਈ, ਪੰਜਾਬ ਕਾਂਗਰਸ ‘ਚ 2027 ਦੀਆਂ ਤਿਆਰੀਆਂ ਦਰਮਿਆਨ ਕੱਲ੍ਹ ਹੋਣ ਵਾਲੀ ਇੱਕ ਅਹਿਮ ਮੀਟਿੰਗ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਗੈਰਹਾਜ਼ਰੀ ਨੇ ਸਿਆਸੀ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਹੈ।
ਸੂਤਰਾਂ ਮੁਤਾਬਕ ਕੱਲ੍ਹ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ “ਚਾਹ ‘ਤੇ ਚਰਚਾ” ਹੋਣੀ ਹੈ। ਇਸ ਮੀਟਿੰਗ ‘ਚ 2027 ਦੀ ਰਣਨੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਗੱਲ ਹੋਵੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਹੱਤਵਪੂਰਨ ਬੈਠਕ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਹਾਜ਼ਰ ਨਹੀਂ ਹੋਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਬੜਿੰਗ ਦੇ ਇਸ ਫੈਸਲੇ ਦੇ ਪਿੱਛੇ ਵੱਡੀ ਵਜ੍ਹਾ “ਬੜਿੰਗ ਦਾ ਮਾਮਲਾ” ਦੱਸਿਆ ਜਾ ਰਿਹਾ ਹੈ। ਚਰਚਾ ਹੈ ਕਿ ਭੁਪੇਸ਼ ਬਘੇਲ ਅਤੇ ਚੰਨੀ ਦੀ ਇਸ ਗੱਲਬਾਤ ਦੌਰਾਨ ਰਾਜਾ ਬੜਿੰਗ ਨਾਲ ਜੁੜੇ ਕੁਝ ਮੁੱਦਿਆਂ ‘ਤੇ ਵੀ ਗੱਲ ਹੋ ਸਕਦੀ ਹੈ। ਇਸੇ ਕਾਰਨ ਰਾਜਾ ਬੜਿੰਗ ਨੇ ਖੁਦ ਇਸ ਮੀਟਿੰਗ ਤੋਂ ਕਿਨਾਰਾ ਕਰਨ ਦਾ ਫੈਸਲਾ ਕੀਤਾ ਹੈ।
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ “ਰਾਜਾ ਬੜਿੰਗ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਮੌਜੂਦਗੀ ਕਾਰਨ ਕਿਸੇ ਤਰ੍ਹਾਂ ਦਾ ਖਲਲ ਪਵੇ। ਉਨ੍ਹਾਂ ਦੀ ਇੱਛਾ ਹੈ ਕਿ ਚੰਨੀ ਸਾਹਿਬ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਭੁਪੇਸ਼ ਬਘੇਲ ਨਾਲ ਕਰ ਸਕਣ ਅਤੇ ਪਾਰਟੀ ਦੇ ਹਿੱਤ ‘ਚ ਕੋਈ ਫੈਸਲਾ ਲਿਆ ਜਾ ਸਕੇ।”
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ‘ਚ ਅੰਦਰੂਨੀ ਮੱਤਭੇਦਾਂ ਦੀਆਂ ਖਬਰਾਂ ਆ ਰਹੀਆਂ ਸਨ। ਭੁਪੇਸ਼ ਬਘੇਲ ਨੇ ਵੀ ਆਪਣੇ ਬਿਆਨ ‘ਚ ਕਿਹਾ ਸੀ ਕਿ “ਵਿਅਕਤੀਗਤ ਹਿਤਾ ਤੋਂ ਉੱਪਰ ਪਾਰਟੀ ਦਾ ਹਿੱਤ ਹੈ” ਅਤੇ ਜਿੱਥੇ ਵੀ ਮਤਭੇਦ ਹਨ ਉਨ੍ਹਾਂ ਨੂੰ ਗੱਲਬਾਤ ਨਾਲ ਦੂਰ ਕੀਤਾ ਜਾਵੇਗਾ।
ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ 2027 ਤੋਂ ਪਹਿਲਾਂ ਕਾਂਗਰਸ ਨੂੰ ਇੱਕਜੁੱਟ ਕਰਨ ਦੀ ਇਹ ਕੋਸ਼ਿਸ਼ ਹੈ। ਬੜਿੰਗ ਦਾ ਇਸ ਮੀਟਿੰਗ ਤੋਂ ਦੂਰ ਰਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਹੁਣ ਹਰ ਗੱਲਬਾਤ ਨੂੰ ਬਿਨਾਂ ਕਿਸੇ ਵਿਵਾਦ ਦੇ ਅੱਗੇ ਵਧਾਉਣਾ ਚਾਹੁੰਦੀ ਹੈ। ਹੁਣ ਦੇਖਣਾ ਹੋਵੇਗਾ ਕਿ “ਚਾਹ ‘ਤੇ ਚਰਚਾ” ਤੋਂ ਬਾਅਦ ਪੰਜਾਬ ਕਾਂਗਰਸ ਦੀ ਤਸਵੀਰ ਕਿੰਨੀ ਬਦਲਦੀ ਹੈ?


