Punjab

29 ਜੂਨ ਤੋਂ ਪਹਿਲਾਂ ਕਾਂਗਰਸ ਦੀ ਚੁੱਪੀ ‘ਤੇ ਸਵਾਲ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ‘ਤੇ ਹਾਲੇ ਤੱਕ ਨਹੀਂ ਖੋਲ੍ਹੇ ਪੱਤੇ

ਰੰਧਾਵਾ-ਧਾਲੀਵਾਲ ਨੇ ਦਿੱਤੇ ਸੰਕੇਤ, ਪਰ ਬਾਜਵਾ ਦੀ ਉਡੀਕ; ਬੇਅਦਬੀ ਕਾਨੂੰਨ ਤੇ ਕਾਂਗਰਸ ਦਾ ਅਧਿਕਾਰਕ ਸਟੈਂਡ ਅਜੇ ਵੀ ਧੁੰਦਲਾ

  1. ਚੰਡੀਗੜ੍ਹ: ਬੇਅਦਬੀ ਕਾਨੂੰਨ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਾਰਿਆਂ ਦੀਆਂ ਨਜ਼ਰਾਂ ਹੁਣ ਸਿਆਸੀ ਪਾਰਟੀਆਂ, ਖਾਸ ਕਰਕੇ ਕਾਂਗਰਸ ਪਾਰਟੀ ਦੇ ਰੁਖ ਉੱਪਰ ਟਿਕੀਆਂ ਹੋਈਆਂ ਹਨ।

 

ਭਾਵੇਂ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਸਪੱਸ਼ਟ ਅਤੇ ਸਾਂਝਾ ਸਟੈਂਡ ਸਾਹਮਣੇ ਨਹੀਂ ਆਇਆ, ਪਰ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨਾਂ ਨੇ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਪਾਰਟੀ ਦੇ ਅੰਦਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

 

ਦੋਵਾਂ ਆਗੂਆਂ ਨੇ ਆਪਣੇ ਬਿਆਨਾਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਮਰਿਆਦਾ ਨੂੰ ਹਰ ਅਹੁਦੇ ਤੋਂ ਉੱਚਾ ਦੱਸਿਆ ਹੈ। ਹਾਲਾਂਕਿ ਇਨ੍ਹਾਂ ਬਿਆਨਾਂ ਦੇ ਬਾਵਜੂਦ ਕਾਂਗਰਸ ਦਾ ਕੋਈ ਅਧਿਕਾਰਕ ਅਤੇ ਸਾਂਝਾ ਪੱਖ ਅਜੇ ਤੱਕ ਸਾਹਮਣੇ ਨਹੀਂ ਆਇਆ।

 

ਸਭ ਤੋਂ ਵੱਡਾ ਸਵਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਰੁਖ ਨੂੰ ਲੈ ਕੇ ਖੜ੍ਹਾ ਹੋ ਰਿਹਾ ਹੈ। ਸੂਤਰਾਂ ਅਨੁਸਾਰ ਬਾਜਵਾ ਵੱਲੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਨਾ ਤਾਂ ਕਾਂਗਰਸ ਵਿਧਾਇਕ ਦਲ ਦੀ ਕੋਈ ਮੀਟਿੰਗ ਬੁਲਾਈ ਗਈ ਹੈ ਅਤੇ ਨਾ ਹੀ 29 ਜੂਨ ਦੀ ਹਾਜ਼ਰੀ ਨੂੰ ਲੈ ਕੇ ਕੋਈ ਸਾਂਝੀ ਰਣਨੀਤੀ ਬਣਾਈ ਗਈ ਹੈ।

 

ਇਸ ਕਾਰਨ ਕਾਂਗਰਸ ਦੇ ਵੱਖ-ਵੱਖ ਵਿਧਾਇਕ ਆਪਣੇ-ਆਪਣੇ ਪੱਧਰ ‘ਤੇ ਬਿਆਨ ਦੇ ਰਹੇ ਹਨ, ਪਰ ਪਾਰਟੀ ਦੀ ਅਧਿਕਾਰਕ ਲਾਈਨ ਹਾਲੇ ਵੀ ਸਪੱਸ਼ਟ ਨਹੀਂ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਜ਼ੋਰਾਂ ‘ਤੇ ਹੈ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮਸਲੇ ‘ਤੇ, ਜਿਸ ਨੂੰ ਕਾਂਗਰਸ ਨੇ ਬਹਿਬਲ ਕਲਾਂ ਅਤੇ ਬਰਗਾੜੀ ਮਾਮਲਿਆਂ ਦੌਰਾਨ ਬੜੀ ਤਾਕਤ ਨਾਲ ਉਠਾਇਆ ਸੀ, ਉਸੇ ਪਾਰਟੀ ਦਾ ਅੱਜ ਤੱਕ ਸਪੱਸ਼ਟ ਸਟੈਂਡ ਨਾ ਆਉਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

 

ਭਾਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਦਿਨ ਤੋਂ ਹੀ ਆਪਣਾ ਰੁਖ ਜਨਤਕ ਕਰ ਚੁੱਕੇ ਹਨ, ਪਰ ਅਸਲ ਸਵਾਲ ਅਜੇ ਵੀ ਕਾਇਮ ਹੈ ਕਿ ਕੀ ਕਾਂਗਰਸ ਦੇ ਸਿੱਖ ਵਿਧਾਇਕ 29 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਜਾਂ ਨਹੀਂ? ਇਸ ਬਾਰੇ ਪਾਰਟੀ ਵੱਲੋਂ ਅਜੇ ਤੱਕ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਗਿਆ।

 

ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵੀਡੀਓ ਨੂੰ ਲੈ ਕੇ ਵੀ ਕਾਂਗਰਸ ਦੇ ਅੰਦਰ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਪਾਰਟੀ ਦਾ ਇੱਕ ਧੜਾ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਲੋਕਾਂ ਵਿਚਕਾਰ ਲਿਜਾਣ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ, ਜਦਕਿ ਦੂਜਾ ਧੜਾ ਇਸ ਮੁੱਦੇ ‘ਤੇ ਸੰਜਮ ਅਤੇ ਚੁੱਪੀ ਬਣਾਈ ਰੱਖਣ ਦਾ ਪੱਖੀ ਮੰਨਿਆ ਜਾ ਰਿਹਾ ਹੈ।

 

ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਅਜੇ ਤੱਕ ਇਸ ਪੂਰੇ ਮਾਮਲੇ ‘ਤੇ ਇਕਮਤ ਨਹੀਂ ਹੋ ਸਕੀ। ਇਸ ਵੇਲੇ ਪਾਰਟੀ ਦੀ ਲੀਡਰਸ਼ਿਪ ਦਾ ਵੱਡਾ ਧਿਆਨ ਦਿੱਲੀ ਵਿੱਚ ਚੱਲ ਰਹੀਆਂ ਸੰਗਠਨਾਤਮਕ ਮੀਟਿੰਗਾਂ ਉੱਪਰ ਕੇਂਦਰਿਤ ਹੈ। ਨਵੀਂ ਦਿੱਲੀ ਦੇ ਇੰਦਰਾ ਭਵਨ ਵਿੱਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਸੰਗਠਨਾਤਮਕ ਢਾਂਚੇ ਅਤੇ ਲੀਡਰਸ਼ਿਪ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਕਾਂਗਰਸ ਹਾਈਕਮਾਨ ਵੱਲੋਂ ਨਿਯੁਕਤ ਅਬਜ਼ਰਵਰ ਵੱਖ-ਵੱਖ ਆਗੂਆਂ ਦੇ ਵਿਚਾਰ ਅਤੇ ਸੁਝਾਅ ਸੁਣ ਰਹੇ ਹਨ।

 

ਪਰ ਪੰਜਾਬ ਦੀ ਸਿਆਸਤ ਜਿਸ ਤੇਜ਼ੀ ਨਾਲ ਕਰਵਟ ਲੈ ਰਹੀ ਹੈ, ਉਸ ਨੂੰ ਦੇਖਦਿਆਂ ਇਹ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਕੀ ਕਾਂਗਰਸ ਇਸ ਮਾਮਲੇ ਤੋਂ ਅਣਜਾਣ ਹੈ ਜਾਂ ਫਿਰ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੀ ਹੈ? ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦਾ ਅਧਿਕਾਰਕ ਰੁਖ ਨਾ ਸਿਰਫ਼ 29 ਜੂਨ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਪੰਜਾਬ ਦੀ ਪੰਥਕ ਅਤੇ ਸਿਆਸੀ ਚਰਚਾ ਦੀ ਦਿਸ਼ਾ ਵੀ ਤੈਅ ਕਰ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button