NationalPunjab

ਰਾਜਾ ਵੜਿੰਗ ਨੇ ਐਸਵਾਈਐਲ ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ ‘ਤੇ ਸੈਣੀ ਨੂੰ ਕੀਤੇ ਸਵਾਲ

ਪੰਜਾਬ ਆਕੇ ਹਰਿਆਣਾ ਦੇ ਮੁੱਖ ਮੰਤਰੀ ਦੋਹਰੀ ਸਿਆਸਤ ਕਰ ਰਹੇ ਹਨ

ਚੰਡੀਗੜ੍ਹ, 8 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਕੁਝ ਮੁੱਦਿਆਂ, ਖ਼ਾਸ ਕਰਕੇ ਐਸਵਾਈਐਲ, ਚੰਡੀਗੜ੍ਹ ਦੇ ਤਬਾਦਲੇ ਅਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਬਾਰੇ, ਉਨ੍ਹਾਂ ਦਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।

ਵੜਿੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੈਣੀ ਪੰਜਾਬ ਵਿੱਚ ਭਾਜਪਾ ਲਈ ਦੌਰੇ ਅਤੇ ਚੋਣ ਪ੍ਰਚਾਰ ਕਰ ਰਹੇ ਹਨ, ਉਹ ਦੋਹਰੀ ਸਿਆਸਤ ਕਰਨ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਸੈਣੀ ਇੱਕੋ ਸਮੇਂ ਹਰਿਆਣਾ ਅਤੇ ਪੰਜਾਬ ਦੇ ਟਕਰਾਉਂਦੇ ਹਿਤਾਂ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ ਹਨ।

ਵੜਿੰਗ ਨੇ ਧੂਰੀ ਵਿੱਚ ਸੈਣੀ ਦੇ ਮਾੜੇ ਪ੍ਰੋਗਰਾਮ ‘ਤੇ ਵੀ ਸਖ਼ਤ ਟਿੱਪਣੀ ਕੀਤੀ ਹੈ, ਜਿੱਥੇ ਉਨ੍ਹਾਂ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਸੈਣੀ ਦੀ ਹਾਲਤ ਉਸ ਮਹਿਮਾਨ ਵਰਗੀ ਹੋ ਗਈ ਹੈ, ਜੋ ਬਾਰ-ਬਾਰ ਆਉਣ ਕਾਰਨ ਲੋਕਾਂ ਲਈ ਅਣਚਾਹਿਆ ਬਣ ਜਾਂਦਾ ਹੈ। ਜਿਵੇਂ ਸੈਣੀ ਦੇ ਪੰਜਾਬ ਦੇ ਲਗਾਤਾਰ ਦੌਰੇ ਕਰ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਕੁਝ ਗੰਭੀਰ ਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਸੂਝਵਾਨ ਵਿਅਕਤੀ ਇਹ ਜਾਣਨਾ ਚਾਹੇਗਾ ਕਿ ਸੈਣੀ ਦਾ ਇਨ੍ਹਾਂ ਮੁੱਦਿਆਂ ‘ਤੇ ਕੀ ਸਟੈਂਡ ਹੈ। ਉਨ੍ਹਾਂ ਨੇ ਸੈਣੀ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਪੰਜਾਬ ਤੋਂ ਵਾਧੂ ਪਾਣੀ ਦੀ ਆਪਣੀ ਬੇਬੁਨਿਆਦ ਮੰਗ ਛੱਡੋਗੇ ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੀ ਪ੍ਰਕਿਰਿਆ ਵਿੱਚ ਸਹਿਯੋਗ ਦਿਓਗੇ, ਜੋ ਲੰਬੇ ਸਮੇਂ ਤੋਂ ਪੰਜਾਬ ਨੂੰ ਨਹੀਂ ਮਿਲਿਆ ਹੈ?

ਵੜਿੰਗ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਸਵਾਲ ਕੀਤਾ ਹੈ ਕਿ ਉਹ ਵੀ ਇਹ ਸਪੱਸ਼ਟ ਕਰਨ ਕਿ ਪੰਜਾਬ ਨਾਲ ਜੁੜੇ ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਦਾ ਕੀ ਰੁਖ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਖੜ੍ਹੇ ਹੋ ਜਾਂ ਫਿਰ ਪੰਜਾਬ ਦੇ?

ਵੜਿੰਗ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਭਾਜਪਾ ਕੋਲ ਪਹਿਲਾਂ ਹੀ ਕਾਂਗਰਸ ਤੋਂ ਆਏ ਕਈ ਸੀਨੀਅਰ ਆਗੂ ਮੌਜੂਦ ਹਨ, ਤਾਂ ਫਿਰ ਸੂਬੇ ਅੰਦਰ ਪ੍ਰਚਾਰ ਲਈ ਇੱਕ ਅਜਿਹੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਦੀ ਲੋੜ ਕਿਉਂ ਪਈ ਹੈ, ਜਿਸ ਨਾਲ ਪੰਜਾਬ ਦੇ ਕੁਝ ਵਿਵਾਦਤ ਮੁੱਦੇ ਅਜੇ ਵੀ ਅਣਸੁਲਝੇ ਹਨ।

ਉਨ੍ਹਾਂ ਤੰਜ਼ ਕਰਦਿਆਂ ਪੁਛਿਆ ਕਿ ਜਾਂ ਫਿਰ ਭਾਜਪਾ ਨੂੰ ਆਪਣੇ ਹੀ ਆਗੂਆਂ ਦੀ ਵਫ਼ਾਦਾਰੀ ‘ਤੇ ਭਰੋਸਾ ਨਹੀਂ ਹੈ, ਕਿਉਂਕਿ ਉਹ ਸਾਰੇ ਕਾਂਗਰਸ ਤੋਂ ਆਏ ਹਨ?

Related Articles

Leave a Reply

Your email address will not be published. Required fields are marked *

Back to top button