Punjab

ਮੈਂ ਖੁਦ ਹੀ ਕੈਨੇਡਾ ਦਾਖਲ ਹੋਣ ਦੀ ਅਰਜ਼ੀ ਸਵੈ ਇੱਛਾ ਨਾਲ ਵਾਪਸ ਲਈ: ਪਰਮਬੰਸ ਸਿੰਘ ਰੋਮਾਣਾ

ਕਿਹਾ ਕਿ ਕੈਨੇਡਾ ਅਧਿਕਾਰੀਆਂ ਨੂੰ ਉਹਨਾਂ ਖਿਲਾਫ ਘੜੀ ਘੜਾਈ ਸ਼ਿਕਾਇਤ ਕੀਤੀ ਗਈ ਹਾਲਾਂਕਿ ਉਹਨਾਂ ਨੇ ਦੌਰੇ ਵਾਸਤੇ ਅਦਾਲਤ ਤੋਂ ਪ੍ਰਵਾਨਗੀ ਲਈ ਸੀ

ਚੰਡੀਗੜ੍ਹ, 13 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੁ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਵੈਂਕੂਵਰ ਪਹੁੰਚਣ ਮਗਰੋਂ ਕੈਨੇਡਾ ਵਿਚ ਦਾਖਲ ਹੋਣ ਦੀ ਅਰਜ਼ੀ ਸਵੈ ਇੱਛਾ ਨਾਲ ਵਾਪਸ ਲਈ ਸੀ ਜਦੋਂ ਉਹਨਾਂ ਨੂੰ ਕੈਨੇਡਾ ਦੇ ਅਧਿਕਾਰੀਆਂ ਨੇ ਪੁੱਛ ਗਿੱਛ ਵਾਸਤੇ ਰੋਕਿਆ ਸੀ ਅਤੇ ਕਿਹਾ ਸੀ ਕਿ ਉਹ ਲਿਖਤੀ ਭਰੋਸਾ ਦੇਣ ਕਿ ਉਹ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਗੇ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਉਹਨਾਂ ਖਿਲਾਫ ਕੈਨੇਡਾ ਦੇ ਅਧਿਕਾਰੀਆਂ ਨੂੰ ਘੜੀ ਘੜਾਈ ਸ਼ਿਕਾਇਤ ਮਨੀਲਾ ਤੋਂ ਕੀਤੀ ਗਈ ਸੀ ਤਾਂ ਜੋ ਕਿ ਉਹਨਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਿਆ ਜਾ ਸਕੇ ਹਾਲਾਂਕਿ ਉਹ ਅਦਾਲਤ ਤੋਂ ਆਗਿਆ ਲੈ ਕੇ ਹੀਗਏ ਸਨ। ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਉਹਨਾਂ ਖਿਲਾਫ ਦਰਜ ਸਾਰੇ ਸਿਆਸੀ ਕੇਸਾਂ ਦੀ ਜਾਣਕਾਰੀ ਸੀ ਹਾਲਾਂਕਿ ਕੁਝ ਨੂੰ ਤਾਂ ਉਹ ਭੁੱਲ ਵੀ ਗਏ ਸਨ। ਉਹਨਾਂ ਦੱਸਿਆ ਕਿ ਸ਼ਿਕਾਇਤ ਵਿਚ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਕਿ ਉਹ ਜਨਤਕ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹ ਆਪਣੀ ਬੇਟੀ ਨੂੰ ਮਿਲਣਾ ਚਾਹੁੰਦੇ ਹਨ ਅਤੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਏ ਹਨ ਤੇ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਨ ਆਰ ਆਈਜ਼ ਨੂੰ ਮਿਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਲਿਖਤੀ ਭਰੋਸਾ ਦੇਣਾ ਪਵੇਗਾ ਕਿ ਉਹ ਇਥੇ ਕਿਸੇ ਵੀ ਸਿਆਸੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ ਤਾਂ ਉਹਨਾਂ ਵਾਪਸ ਭਾਰਤ ਪਰਤਣ ਦਾ ਫੈਸਲਾ ਕੀਤਾ। ਉਹਨਾਂ ਨੇ ਇਸ ਮੌਕੇ ਦਸਤਾਵੇਜ਼ ਵੀ ਵਿਖਾਏ ਜਿਹਨਾਂ ਤੋਂ ਸਪਸ਼ਟ ਹੁੰਦਾ ਸੀ ਕਿ ਉਹ ਆਪਣੀ ਸਵੈ ਇੱਛਾ ਨਾਲ ਕੈਨੇਡਾ ਤੋਂ ਵਾਪਸ ਪਰਤੇ ਹਨ।

ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਆਮ ਆਦਮੀ ਪਾਰਟੀ (ਆਪ) ਕੈਨੇਡਾ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਅਕਾਲੀ ਦਲ ਨੂੰ ਦਿੱਤੇ ਜਾ ਰਹੇ ਹੁੰਗਾਰੇ ਤੋਂ ਬੌਖਲਾ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਐਨ ਆਰ ਆਈ ਭਾਈਚਾਰੇ ਨੂੰ ਭੜਕਾਇਆ ਕਿ ਦੌਰੇ ’ਤੇ ਆਉਂਦੀ ਅਕਾਲੀ ਦਲ ਦੀ ਟੀਮ ਤੋਂ ਔਖੇ ਸਵਾਲ ਕੀਤੇ ਜਾਣ।

ਉਹਨਾਂ ਦੱਸਿਆ ਕਿ ਆਪ ਦੀ ਪ੍ਰਾਪੇਗੰਡਾ ਮਸ਼ੀਨਰੀ ਨੇ ਉਹਨਾਂ ਖਿਲਾਫ ਪੂਰਾ ਕੂੜ ਪ੍ਰਚਾਰ ਕੀਤਾ ਤੇ ਇਹ ਅਫਵਾਹ ਫੈਲਾਈ ਕਿ ਉਹ ਵੈਂਕੂਵਰ ਵਿਚ ਸ਼ਰਾਬੀ ਹਾਲਤ ਵਿਚ ਪਹੁੰਚੇ ਸਨ। ਉਹਨਾਂ ਕਿਹਾ ਕਿ ਇਕ ਇਲੈਕਟ੍ਰਾਨਿਕ ਚੈਨਲ ਨੇ ਇਹ ਕੂੜ ਪ੍ਰਚਾਰ ਵਾਲੀ ਖਬਰ ਚਲਾਈ ਜਿਸ ਵਾਸਤੇ ਉਹ ਚੈਨਲ ਖਿਲਾਫ ਮਾਣਹਾਨੀ ਦਾ ਕੇਸ ਕਰਨ ਜਾ ਰਹੇ ਹਨ ਅਤੇ ਉਹ ਉਹਨਾਂ ਸੋਸ਼ਲ ਮੀਡੀਆ ਪੇਜਾਂ ਖਿਲਾਫ ਵੀ ਪੁਲਿਸ ਸ਼ਿਕਾਇਤ ਦੇਣਗੇ ਜਿਹਨਾਂ ਨੇ ਕੂੜ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਇਆ ਤੇ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੇ ਯਤਨ ਕਰਨ ਵਾਲਿਆਂ ਨਾਲ ਕਾਨੂੰਨ ਮੁਤਾਬਕ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button