Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹਰ ਅਹੁਦੇ ਤੋਂ ਉੱਚੀ, ਪੰਥ ਦੀ ਮਾਣ-ਮਰਯਾਦਾ ਦੀ ਰਾਖੀ ਹਰ ਸਿੱਖ ਦਾ ਫ਼ਰਜ਼: ਰੰਧਾਵਾ, ਧਾਲੀਵਾਲ

ਸ਼੍ਰੀ ਅਕਾਲ ਤਖਤ ਸਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ

ਚੰਡੀਗੜ੍ਹ, 17 ਜੂਨ, ਕਾਂਗਰਸ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਮਰਯਾਦਾ ਉੱਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ, ਜਿਸ ਦੀ ਮਾਣ-ਮਰਯਾਦਾ, ਅਥਾਰਟੀ ਅਤੇ ਫ਼ੈਸਲੇ ਹਰ ਅਹੁਦੇ, ਹਰ ਸਿਆਸੀ ਪਛਾਣ ਅਤੇ ਹਰ ਸੰਸਾਰੀ ਜ਼ਿੰਮੇਵਾਰੀ ਤੋਂ ਉੱਚੇ ਹਨ।

 

ਦੋਵਾਂ ਆਗੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਅਤੇ ਸਿੱਖ ਪੰਥ ਦੀ ਸ਼ਾਨ ਹੈ। ਇਹ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਤਖ਼ਤ ਹੈ, ਜਿਸ ਨੇ ਸਦੀਆਂ ਤੋਂ ਸਿੱਖ ਕੌਮ ਨੂੰ ਦਿਸ਼ਾ, ਅਗਵਾਈ ਅਤੇ ਨਿਆਂ ਪ੍ਰਦਾਨ ਕੀਤਾ ਹੈ। ਇਸ ਦੀ ਸ਼ਾਨ ਨੂੰ ਕੋਈ ਢਾਹ ਨਹੀਂ ਲਾ ਸਕਦਾ, ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ‘ਤੇ ਕਿਉਂ ਨਾ ਬੈਠਾ ਹੋਵੇ।

 

ਉਨ੍ਹਾਂ ਕਿਹਾ ਕਿ ਅੱਜ ਪਹਿਲਾਂ ਨਾਲੋਂ ਵੀ ਵੱਧ ਲੋੜ ਹੈ ਕਿ ਸਮੂਹ ਸਿੱਖ ਪੰਥ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਪੰਥਕ ਏਕਤਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋਵੇ। ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ, ਸਰਕਾਰਾਂ ਬਣਦੀਆਂ ਅਤੇ ਬਦਲਦੀਆਂ ਰਹਿੰਦੀਆਂ ਹਨ, ਪਰ ਪੰਥ ਦੀ ਸ਼ਾਨ, ਪਰੰਪਰਾਵਾਂ ਅਤੇ ਰੂਹ ਹਮੇਸ਼ਾ ਕਾਇਮ ਰਹਿੰਦੀ ਹੈ।

 

ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, “ਮੈਂ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਹੋਣ ਤੋਂ ਪਹਿਲਾਂ ਇੱਕ ਗੁਰਸਿੱਖ ਹਾਂ। ਮੇਰੇ ਲਈ ਮੇਰਾ ਅਹੁਦਾ ਨਹੀਂ, ਸਗੋਂ ਗੁਰੂ ਘਰ ਨਾਲ ਜੁੜੀ ਮੇਰੀ ਸ਼ਰਧਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਮੇਰਾ ਸਤਿਕਾਰ ਸਭ ਤੋਂ ਵੱਡਾ ਹੈ। ਜਦੋਂ ਵੀ ਪੰਥ ਦੀ ਸਰਵਉੱਚ ਸੰਸਥਾ ਵੱਲੋਂ ਕੋਈ ਆਦੇਸ਼ ਹੁੰਦਾ ਹੈ, ਉਸ ਅੱਗੇ ਹਰ ਅਹੁਦਾ, ਹਰ ਸਿਆਸੀ ਪਛਾਣ ਅਤੇ ਹਰ ਨਿੱਜੀ ਵਿਚਾਰ ਛੋਟੇ ਪੈ ਜਾਂਦੇ ਹਨ।”

 

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਇੱਕ ਧਾਰਮਿਕ ਸੰਸਥਾ ਨਹੀਂ, ਸਗੋਂ ਸਿੱਖ ਕੌਮ ਦੀ ਰੂਹ, ਸਵੈਮਾਨ ਅਤੇ ਸਾਂਝੀ ਚੇਤਨਾ ਦਾ ਕੇਂਦਰ ਹੈ। ਜਿੱਥੇ ਪੰਥ ਦਾ ਸਿਰ ਉੱਚਾ ਹੈ, ਉੱਥੇ ਹੀ ਹਰ ਸਿੱਖ ਦਾ ਮਾਣ ਅਤੇ ਸਤਿਕਾਰ ਵੀ ਸੁਰੱਖਿਅਤ ਹੈ।

 

ਦੋਵਾਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਏਕਤਾ, ਨਿਮਰਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀਆਂ ਕਦਰਾਂ-ਕੀਮਤਾਂ ਪ੍ਰਤੀ ਸਮਰਪਣ ਵਿੱਚ ਹੈ। ਪੰਥ ਨੇ ਹਰ ਸੰਕਟ ਦਾ ਸਾਹਮਣਾ ਇਕੱਠੇ ਹੋ ਕੇ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਪੰਥਕ ਸੰਸਥਾਵਾਂ ਦੇ ਸਤਿਕਾਰ ਅਤੇ ਏਕਤਾ ਰਾਹੀਂ ਹੀ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖ ਸਕੇਗਾ।

 

ਉਨ੍ਹਾਂ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਨਿੱਜੀ ਜਾਂ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥ ਦੀ ਮਾਣ-ਮਰਯਾਦਾ ਨੂੰ ਪਹਿਲ ਦੇਵੇ, ਗੁਰੂ ਦੇ ਦਰ ਨਾਲ ਜੁੜਿਆ ਰਹੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ, ਸਰਵਉੱਚਤਾ ਅਤੇ ਸਤਿਕਾਰ ਨੂੰ ਪੂਰੀ ਸ਼ਰਧਾ ਨਾਲ ਕਾਇਮ ਰੱਖੇ।

 

ਉਨ੍ਹਾਂ ਅੰਤ ਵਿੱਚ ਕਿਹਾ, “ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਗੁਰੂ ਦਾ ਦਰ, ਪੰਥ ਦੀ ਮਰਯਾਦਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਦਾ ਕਾਇਮ ਰਹਿੰਦੀ ਹੈ।”

 

ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਕੌਮ ਦੀਆਂ ਪਰੰਪਰਾਵਾਂ ਅਤੇ ਵਿਰਾਸਤ ਦੀ ਰਾਖੀ ਲਈ ਅੱਗੇ ਆਉਣ।

Related Articles

Leave a Reply

Your email address will not be published. Required fields are marked *

Back to top button